ਵਿਸ਼ੇਸ਼ ਰਿਪੋਰਟ
ਪਟਿਆਲਾ:2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਗਠਜੋੜ ਹੋਣ ਦੀ ਪੂਰੀ ਸੰਭਾਵਨਾ ਬਣ ਗਈ ਹੈ। ਸੂਤਰਾਂ ਮੁਤਾਬਕ ਦੋਵੇਂ ਪਾਰਟੀਆਂ ਇਸ ਨੂੰ ਪੱਕਾ ਕਰਨ ਦੇ ਨੇੜੇ ਪਹੁੰਚ ਗਈਆਂ ਹਨ ਅਤੇ ਇਸ ਵਾਰ ਭਾਜਪਾਪ‌ਹਿਲਾ ਨਾਲੋਂ ਜ਼ਿਆਦਾ ਸੀਟਾਂ ਲੈ ਕੇ ਲਗਭਗ ਬਰਾਬਰੀ ਵਾਲੀ ਸਥਿਤੀ ਵਿੱਚ ਰਹੇਗੀ।
ਦੱਸਿਆ ਜਾ ਰਿਹਾ ਹੈ ਕਿ ਸੀਟਾਂ ਦੀ ਵੰਡ ਬਾਰੇ ਗੱਲਬਾਤ ਕਾਫ਼ੀ ਅੱਗੇ ਵਧ ਚੁੱਕੀ ਹੈ। ਇਸ ਦਾ ਇੱਕ ਸੰਕੇਤ ਇਹ ਵੀ ਹੈ ਕਿ ਅਕਾਲੀ ਦਲ ਨੇ ਆਪਣੇ ਆਗੂਆਂ ਨੂੰ ਕੁਝ ਪੇਂਡੂ ਖੇਤਰਾਂ ਦੀਆਂ ਸੀਟਾਂ ‘ਤੇ ਤਿਆਰੀ ਰੋਕਣ ਲਈ ਕਿਹਾ ਹੈ। ਦਿਲਚਸਪ ਗੱਲ ਇਹ ਹੈ ਕਿ  ਭਾਜਪਾ ਨੇ ਪੰਜਾਬ ਦੀਆਂ ਸਾਰੀਆਂ 117 ਸੀਟਾਂ ਲਈ ਆਪਣੀ ਤਿਆਰੀ ਤੇਜ਼ ਕਰ ਦਿੱਤੀ ਹੈ। ਹਾਲ ਹੀ ਵਿੱਚ ਪੰਜਾਬ ਦੌਰੇ ਦੌਰਾਨ ਭਾਜਪਾ ਦੇ ਰਾਸ਼ਟਰੀ ਸੰਗਠਨ ਜਨਰਲ ਸਕੱਤਰ ਬੀਐਲ ਸੰਤੋਸ਼ ਨੇ ਪਾਰਟੀ ਆਗੂਆਂ ਨੂੰ ਸਾਰੀਆਂ ਸੀਟਾਂ ਲਈ ਤਿਆਰ ਰਹਿਣ ਲਈ ਕਿਹਾ, ਪਰ ਉਨ੍ਹਾਂ ਨੇ ਅਕਾਲੀ ਦਲ ਨਾਲ ਗਠਜੋੜ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।
ਭਾਜਪਾ ਦੀਆਂ 117 ਸੀਟਾਂ ਲਈ ਤਿਆਰੀਆਂ ਅਤੇ ਅਕਾਲੀ ਦਲ ਦੀ ਪਿੰਡਾਂ ਵਾਲੀਆਂ ਕੁਝ ਸੀਟਾਂ ਤੋਂ ਪਿੱਛੇ ਹਟਣ ਦੀ ਖ਼ਬਰ ਨੇ ਗਠਜੋੜ ਦੀਆਂ ਚਰਚਾਵਾਂ ਨੂੰ ਹੋਰ ਹਵਾ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਇਸ ਵਾਰ ਗਠਜੋੜ ਵਿੱਚ ਪਹਿਲਾਂ ਨਾਲੋਂ ਵੱਧ ਸੀਟਾਂ ਚਾਹੁੰਦੀ ਹੈ।
ਭਾਜਪਾ ਅਤੇ ਅਕਾਲੀ ਦਲ ਦਾ ਪੰਜਾਬ ਵਿੱਚ ਪੁਰਾਣਾ ਗਠਜੋੜ ਰਿਹਾ ਹੈ, ਜੋ 2020 ਵਿੱਚ ਖੇਤੀ ਕਾਨੂੰਨਾਂ ਦੇ ਮਸਲੇ ‘ਤੇ ਟੁੱਟ ਗਿਆ ਸੀ — ਬਾਅਦ ਵਿੱਚ ਇਹ ਕਾਨੂੰਨ ਵਾਪਸ ਲੈ ਲਏ ਗਏ ਸਨ।
ਢਿੱਲੋਂ ਬੋਲੇ “ਗਠਜੋੜ ਨਹੀਂ”, ਵੜਿੰਗ ਨੇ ਕਿਹਾ “ਸਹੁੰ ਖਾਓ”
ਪਰ ਮੰਗਲਵਾਰ ਨੂੰ ਹੀ ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪਾਰਟੀ ਕਿਸੇ ਵੀ ਗਠਜੋੜ ਵਿੱਚ ਨਹੀਂ ਹੈ ਅਤੇ ਇਕੱਲਿਆਂ ਹੀ ਚੋਣਾਂ ਲੜ ਕੇ ਸਰਕਾਰ ਬਣਾਏਗੀ। ਇਸ ਬਿਆਨ ‘ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਨੂੰ ਸਹੁੰ ਖਾ ਕੇ ਇਹ ਪੱਕਾ ਕਰਨ ਲਈ ਕਿਹਾ ਕਿ ਉਹ ਅਕਾਲੀ ਦਲ ਨਾਲ ਗਠਜੋੜ ਨਹੀਂ ਕਰ ਰਹੀ।
ਬੀਐਲ ਸੰਤੋਸ਼ ਵੱਲੋਂ ਵਰਕਰਾਂ ਤੋਂ ਸਿੱਧੀ ਫੀਡਬੈਕ
ਬੀਐਲ ਸੰਤੋਸ਼ ਪੰਜਾਬ ਦੌਰੇ ‘ਤੇ ਗਏ ਅਤੇ ਵਰਕਰਾਂ ਤੇ ਜ਼ਮੀਨੀ ਪੱਧਰ ਦੇ ਆਗੂਆਂ ਤੋਂ ਸਿੱਧੀ ਗੱਲਬਾਤ ਕੀਤੀ। ਗੱਲਬਾਤ ਪਿੱਛੋਂ ਉਨ੍ਹਾਂ ਸਾਰੀਆਂ 117 ਸੀਟਾਂ ‘ਤੇ ਲੜਨ ਦੀ ਤਿਆਰੀ ਦੇ ਹੁਕਮ ਦਿੱਤੇ। 25 ਅਗਸਤ ਨੂੰ ਉਹ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਵਰਕਰਾਂ ਨੂੰ ਮਿਲੇ। ਲੁਧਿਆਣਾ ਵਿੱਚ ਉਨ੍ਹਾਂ ਹੋਰ ਪਾਰਟੀਆਂ ਛੱਡ ਕੇ ਭਾਜਪਾ ‘ਚ ਆਏ ਪੁਰਾਣੇ ਆਗੂਆਂ ਨਾਲ ਸੰਗਠਨ ਦੇ ਮਾਮਲਿਆਂ ‘ਤੇ ਗੱਲ ਕੀਤੀ, ਅਤੇ ਕਿਹਾ ਕਿ ਪੁਰਾਣੇ ਵਰਕਰ ਪਾਰਟੀ ਦੀ ਨੀਂਹ ਹਨ, ਨਵੇਂ ਵਰਕਰਾਂ ਦਾ ਵੀ ਸਵਾਗਤ ਹੈ। ਉਹ ਆਪਣੀ ਫੇਰੀ ਦੀ ਰਿਪੋਰਟ ਤਿਆਰ ਕਰਕੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੂੰ ਦੇਣਗੇ।
ਹੁਣ ਤੱਕ ਦੌਰੇ ਦੀਆਂ ਮੁੱਖ ਗੱਲਾਂ
ਬੀਐਲ ਸੰਤੋਸ਼ ਦੀ ਫੇਰੀ ਨੇ ਸੂਬੇ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਦੋ ਦਿਨਾਂ ਦੇ ਇਸ ਦੌਰੇ ਦਾ ਮਕਸਦ ਪਾਰਟੀ ਦੀ ਹਾਲਤ ਦੇਖਣਾ ਤੇ ਵਰਕਰਾਂ ਦੀ ਅਸਲ ਸਥਿਤੀ ਸਮਝਣਾ ਹੈ।
ਪਹਿਲੇ ਦਿਨ ਪਟਿਆਲਾ ਤੇ ਬਠਿੰਡਾ ਵਿੱਚ ਜ਼ੋਨਲ ਮੀਟਿੰਗਾਂ ਹੋਈਆਂ, ਜਿਨ੍ਹਾਂ ਵਿੱਚ ਸਬੰਧਤ ਜ਼ਿਲ੍ਹਿਆਂ ਦੇ ਸੀਨੀਅਰ ਆਗੂ, ਜ਼ਿਲ੍ਹਾ ਪ੍ਰਧਾਨ ਅਤੇ ਅਹਿਮ ਵਰਕਰ ਸ਼ਾਮਲ ਹੋਏ।
ਜਦੋਂ ਅਕਾਲੀ ਦਲ ਨਾਲ ਗਠਜੋੜ ਦੀ ਗੱਲ ਛਿੜੀ ਤਾਂ ਜ਼ਿਆਦਾਤਰ ਵਰਕਰਾਂ ਤੇ ਸਥਾਨਕ ਆਗੂਆਂ ਨੇ ਇਕੱਲੇ ਲੜਨ ਦੇ ਹੱਕ ਵਿੱਚ ਰਾਏ ਦਿੱਤੀ, ਇਹ ਕਹਿੰਦਿਆਂ ਕਿ ਪਾਰਟੀ ਨੂੰ ਆਪਣੇ ਦਮ ‘ਤੇ ਮਜ਼ਬੂਤ ਹੋਣਾ ਚਾਹੀਦਾ ਹੈ।
ਵਰਕਰਾਂ ਦੀ ਇਸ ਭਾਵਨਾ ਨੂੰ ਦੇਖ ਕੇ ਪਹਿਲੀ ਮੀਟਿੰਗ ਵਿੱਚ ਹੀ ਬੀਐਲ ਸੰਤੋਸ਼ ਨੇ ਸਾਫ਼ ਕਰ ਦਿੱਤਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ, ਤਾਂ ਜੋ ਸਰਕਾਰ ਬਣਾਈ ਜਾ ਸਕੇ।
ਵਰਕਰਾਂ ਤੇ ਅਧਿਕਾਰੀਆਂ ਨੂੰ ਕੇਂਦਰ ਸਰਕਾਰ ਦੀਆਂ ਸਕੀਮਾਂ ਹਰ ਘਰ ਤੱਕ ਪਹੁੰਚਾਉਣ ਅਤੇ ਬੂਥ ਪੱਧਰ ਦਾ ਢਾਂਚਾ ਮਜ਼ਬੂਤ ਕਰਨ ਦੇ ਹੁਕਮ ਦਿੱਤੇ ਗਏ। ਪੰਨਾ ਪ੍ਰਮੁੱਖਾਂ ਦੀ ਨਿਯੁਕਤੀ ਰਾਹੀਂ ਬੂਥ ਪੱਧਰ ਮਜ਼ਬੂਤ ਕਰਨ ਲਈ ਆਗੂਆਂ ਨੂੰ ਖ਼ੁਦ ਪਿੰਡ-ਪਿੰਡ ਜਾਣ ਲਈ ਵੀ ਕਿਹਾ ਗਿਆ।