ਮੁਹਾਲੀ: ਮੁਹਾਲੀ ਦੇ ਰਹਿਣ ਵਾਲੇ ਜਸਪ੍ਰੀਤ ਸਿੰਘ ਅਤੇ ਉਸ ਦੇ ਇੱਕ ਹੋਰ ਸਾਥੀ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਸਾਂਝੀ ਕਰਦਿਆਂ ਆਸਟਰੀਆ ਦੇ ਸਾਲਜ਼ਬਰਗ ਸ਼ਹਿਰ ਦੇ ਇੱਕ ਹੋਟਲ ’ਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਦੱਸਿਆ ਕਿ ਜਦੋਂ ਉਹ ਹੋਟਲ ਵਿੱਚ ਗਏ ਤਾਂ ਉਨ੍ਹਾਂ ਨੂੰ ਸਿਰਫ਼ ਇਸ ਲਈ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸਿਰਾਂ ’ਤੇ ਦਸਤਾਰਾਂ ਸਜਾਈਆਂ ਹੋਈਆਂ ਸਨ। ਨੌਜਵਾਨਾਂ ਨੇ ਇਸ ਘਟਨਾ ਨੂੰ ਸਿੱਧੇ ਤੌਰ ’ਤੇ ਧਾਰਮਿਕ ਵਿਤਕਰਾ ਅਤੇ ਨਸਲੀ ਵਿਤਕਰਾ ਕਰਾਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਹੋਟਲ 27 ਅਗਸਤ ਨੂੰ ਬੁੱਕ ਕਰਵਾਇਆ ਗਿਆ ਸੀ। ਮੁਹਾਲੀ ਦੇ ਰਹਿਣ ਵਾਲੇ ਸਟਾਕ ਮਾਰਕੀਟ ਦੇ ਵਪਾਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਹੋਟਲ ਪ੍ਰਬੰਧਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਹੋਟਲ ਅਤੇ ਰੈਸਟੋਰੈਂਟ ਦਾ ਡਰੈੱਸ ਕੋਡ ਇੰਟਰਨੈੱਟ ‘ਤੇ ਮੌਜੂਦ ਹੈ ਅਤੇ ਉਹ ਦਸਤਾਰਾਂ ਦੀ ਇਜਾਜ਼ਤ ਨਹੀਂ ਦਿੰਦੇ। ਜਸਪ੍ਰੀਤ ਨੇ ਕਿਹਾ ਕਿ ਉਹ ਪਹਿਲਾਂ ਵੀ ਯੂਰਪ ਸਮੇਤ ਕਈ ਦੇਸ਼ਾਂ ਦੀ ਯਾਤਰਾ ਕਰ ਚੁੱਕੇ ਹਨ ਪਰ ਉਨ੍ਹਾਂ ਨੂੰ ਕਦੇ ਵੀ ਅਜਿਹੇ ਵਿਤਕਰੇ ਦਾ ਸਾਹਮਣਾ ਨਹੀਂ ਕਰਨਾ ਪਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਹੋਟਲ ਨੇ ਉਨ੍ਹਾਂ ਦੀ ਬੁਕਿੰਗ ਦੇ ਪੈਸੇ (ਰਿਫੰਡ) ਵਾਪਸ ਕਰਨ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਇਸ ’ਤੇ ਜਸਪ੍ਰੀਤ ਨੇ ਕਿਹਾ ਕਿ ਪੈਸੇ ਭਾਵੇਂ ਨਾ ਮਿਲਣ, ਕੋਈ ਗੱਲ ਨਹੀਂ ਪਰ ਇਸ ਤਰ੍ਹਾਂ ਦਾ ਸਿਸਟਮ ਨਸਲੀ ਵਿਤਕਰੇ ਦੀ ਸਭ ਤੋਂ ਵੱਡੀ ਮਿਸਾਲ ਹੈ।
ਜਸਪ੍ਰੀਤ ਨੇ ਦੋਸ਼ ਲਾਇਆ ਕਿ ਉਹ ਯੂਰਪ ਵਿਚ ਬਹੁਤ ਸਾਰੇ ਦੇਸ਼ਾਂ ਵਿਚ ਘੁੰਮ ਕੇ ਆਏ ਹਨ ਪਰ ਕਿਤੇ ਵੀ ਅਜਿਹਾ ਨਹੀਂ ਹੋਇਆ ਪਰ ਸਾਲਜ਼ਬਰਗ ਦੇ ਇਹ ਹੋਟਲ ਨੇ ਸਿਰਫ ਸਿਰ ’ਤੇ ਦਸਤਾਰ ਹੋਣ ਕਾਰਨ ਦਾਖਲਾ ਨਹੀਂ ਦਿੱਤਾ ਜਿਸ ਕਾਰਨ ਉਨ੍ਹਾਂ ਦਾ ਟੂਰ ਨਿਰਾਸ਼ਾਜਨਕ ਰਿਹਾ।
